ਜਦੋਂ ਭਾਰਤ ਪਾਕਿ ਦੀ ਵੰਡ ਨਹੀਂ ਸੀ ਹੋਈ ਤਾਂ ਲਾਹੌਰ ਵਿੱਚ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਹੁੰਦਾ ਸੀ। ਉਨ੍ਹਾਂ ਵੇਲਿਆਂ ਵਿੱਚ ਕੁਝ ਚੰਗੀਆਂ ਫ਼ਿਲਮਾਂ ਵੀ ਸਾਹਮਣੇ ਆਈਆਂ, ਪਰ ਉਸ ਸਮੇਂ ਲਗਪਗ ਇੱਕੋ ਤਰ੍ਹਾਂ ਦੀਆਂ ਫ਼ਿਲਮਾਂ ਬਣਦੀਆਂ ਸਨ ਤੇ ਉਨ੍ਹਾਂ ਦਾ ਗੀਤ ਸੰਗੀਤ ਵੀ ਇੱਕੋ ਜਿਹਾ ਹੁੰਦਾ ਸੀ। ਲਾਹੌਰ ਤੋਂ ਬੰਬਈ ਫ਼ਿਲਮ ਇੰਡਸਟਰੀ ਤਬਦੀਲ ਹੋਣ ਕਰਕੇ ਪੰਜਾਬੀ ਫ਼ਿਲਮਾਂ ਨੂੰ ਕੁਝ ਮੁਸ਼ਕਿਲਾਂ ਆਈਆਂ, ਪਰ ਹੌਲੀ ਹੌਲੀ ਗੱਡੀ ਲੀਹ ’ਤੇ ਆਉਂਦੀ ਗਈ ਜਿਸ ਨਾਲ ਫ਼ਿਲਮ ‘ਯਮਲਾ ਜੱਟ’, ‘ਕੌਡੇ ਸ਼ਾਹ’, ‘ਮੰਗਤੀ’, ‘ਪੋਸਤੀ’, ‘ਹੀਰ ਸਿਆਲ’ ਤੇ ‘ਗੁਲ ਬਲੋਚ’ ਵਗੈਰਾ ਫ਼ਿਲਮਾਂ ਨੇ ਵੱਖਰੀ ਤੋਰ ਫੜਨੀ ਸ਼ੁਰੂ ਕਰ ਦਿੱਤੀ ਤੇ ਗੀਤ ਸੰਗੀਤ ਵਿੱਚ ਵੀ ਥੋੜ੍ਹਾ ਵਖਰੇਵਾਂ ਪੈਣਾ ਸ਼ੁਰੂ ਹੋ ਗਿਆ।
ਇਸ ਦਾ ਨਤੀਜਾ ਇਹ ਨਿਕਲਿਆ ਕਿ ‘ਮਦਾਰੀ’, ‘ਮੁਟਿਆਰ’, ‘ਭਾਈਆ ਜੀ’, ‘ਫੁੱਮਣ’, ‘ਵਣਜਾਰਾ’, ‘ਫੇਰੇ’, ‘ਪੀਂਘਾਂ’, ‘ਹੁਲਾਰੇ’, ‘ਮੁਕਲਾਵਾ’, ‘ਸਤਲੁਜ ਦੇ ਕੰਢੇ’, ‘ਲੱਛੀ’, ‘ਦੋ ਲੱਛੀਆਂ’, ‘ਕਿੱਕਲੀ’, ‘ਗੁੱਡੀ’, ‘ਸੱਤ ਸਾਲੀਆਂ’, ‘ਪਰਦੇਸੀ ਢੋਲਾ’ ਆਦਿ ਫ਼ਿਲਮਾਂ ਆਮ ਦਰਸ਼ਕਾਂ ਵੱਲੋਂ ਇਸ ਆਈ ਤਬਦੀਲੀ ਕਰਕੇ ਪਸੰਦ ਕੀਤੀਆਂ ਗਈਆਂ। ਇਨ੍ਹਾਂ ਫ਼ਿਲਮਾਂ ਦਾ ਮਾਹੌਲ ਵੀ ਆਮ ਕਰਕੇ ਪਿੰਡਾਂ ਤੇ ਸ਼ਹਿਰਾਂ ਦੇ ਮਿਸ਼ਰਣ ਵਾਲਾ ਹੀ ਹੁੰਦਾ ਸੀ। ਉਪਰ ਦੱਸੀਆਂ ਫ਼ਿਲਮਾਂ ਤੇ ਉਸਤੋਂ ਬਾਅਦ ਆਈਆਂ ਰੰਗਦਾਰ ਫ਼ਿਲਮਾਂ ਨੇ ਵੀ ਪੰਜਾਬੀ ਸਿਨਮਾ ਵਿੱਚ ਕੋਈ ਖ਼ਾਸ ਤਬਦੀਲੀ ਨਾ ਲਿਆਂਦੀ, ਪਰ ਸੱਤਰਵਿਆਂ ਦੇ ਦਹਾਕੇ ਵਿੱਚ ਇੱਕ ਖ਼ਾਸ ਤਬਦੀਲੀ ਆਈ ਜਦੋਂ ਰਾਮ ਮਹੇਸ਼ਵਰੀ ਦੀ ਫ਼ਿਲਮ ‘ਨਾਨਕ ਨਾਮ ਜਹਾਜ਼’ ਨੇ ਸਿਨਮਿਆਂ ਵਿੱਚ ਪ੍ਰਵੇਸ਼ ਕੀਤਾ। ਇਹ ਪਹਿਲੀ ਅਜਿਹੀ ਧਾਰਮਿਕ ਫ਼ਿਲਮ ਸੀ ਜਿਸ ਵਿੱਚ ਸਿੱਖੀ ਸਿਦਕ ਨੂੰ ਨਵੇ ਜ਼ਾਵੀਏ ਤੋਂ ਪੇਸ਼ ਕੀਤਾ ਗਿਆ। ਇਸ ਫ਼ਿਲਮ ਵਿੱਚ ਪ੍ਰਿਥਵੀ ਰਾਜ ਕਪੂਰ, ਸੋਮ ਦੱਤ, ਨਿਸ਼ੀ, ਵਿਮੀ ਤੇ ਆਈ ਐੱਸ ਜੌਹਰ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਫ਼ਿਲਮ ਵਿੱਚ ਸ਼ਰਧਾ ਭਾਵ ਇਸ ਕਦਰ ਭਾਰੂ ਸੀ ਕਿ ਇਸ ਦੀਆਂ ਧਾਰਮਿਕ ਭਾਵਨਾਵਾਂ ਨੇ ਦਰਸ਼ਕਾਂ ਦੀ ਭੀੜ ਨੂੰ ਖਿੱਚਿਆ ਤੇ ਜਦੋਂ ਫ਼ਿਲਮ ਵਿੱਚ ਕੋਈ ਖ਼ਾਸ ਧਾਰਮਿਕ ਭਾਵਨਾ ਉਜਾਗਰ ਹੁੰਦੀ ਸੀ ਤਾਂ ਕਈ ਦਰਸ਼ਕ ਸਕਰੀਨ ਵੱਲ ਪੈਸੇ ਸੁੱਟਣ ਲੱਗਦੇ ਸਨ। ਬੇਸ਼ੱਕ ਇਸ ਤੋਂ ਬਾਅਦ ਵੀ ਅਜਿਹੀਆਂ ਫ਼ਿਲਮਾਂ ਦਾ ਦੌਰ ਚੱਲਿਆ, ਪਰ ਇਹ ਕੋਈ ਖ਼ਾਸ ਜਲਵਾ ਨਾ ਦਿਖਾ ਸਕੀਆਂ, ਸਿਵਾਏ ਦਾਰਾ ਸਿੰਘ ਦੀ ਫ਼ਿਲਮ ‘ਨਾਨਕ ਦੁਖੀਆ ਸਭ ਸੰਸਾਰ’ ਦੇ। ਪਰ ‘ਨਾਨਕ ਨਾਮ ਜਹਾਜ਼’ ਜਿੰਨੀ ਕਾਮਯਾਬੀ ਕਿਸੇ ਵੀ ਫ਼ਿਲਮ ਨੂੰ ਨਹੀਂ ਮਿਲੀ, ਪਰ ਸੁਨੀਲ ਦੱਤ ਤੇ ਰਾਧਾ ਸਲੂਜਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਫ਼ਿਲਮ ‘ਮਨ ਜੀਤੇ ਜਗਜੀਤ’ ਨੂੰ ਦਰਸ਼ਕਾਂ ਨੇ ਖ਼ੂਬ ਸਰਾਹਿਆ। ਜੇ ਓਮ ਪ੍ਰਕਾਸ਼ ਨੇ ਰਾਜ ਬੱਬਰ ਨੂੰ ਬਤੌਰ ਹੀਰੋ ਲੈ ਕੇ ‘ਆਸਰਾ ਪਿਆਰ ਦਾ’ ਬਣਾਈ ਤੇ ਸੋਹਨ ਲਾਲ ਕੰਵਰ ਨੇ ਸੁਭਾਸ਼ ਘਈ ਨੂੰ ਨਾਇਕ ਵਜੋਂ ‘ਸ਼ੇਰਨੀ’ ਵਿੱਚ ਪੇਸ਼ ਕੀਤਾ। ਇਵੇਂ ਹੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਅਮਰਿੰਦਰ ਗਿੱਲ ਨੂੰ ਲੈ ਕੇ ‘ਸਰਵਣ’ ਫ਼ਿਲਮ ਬਣਾਕੇ ਆਪਣੇ ਪੰਜਾਬਣ ਹੋਣ ਦਾ ਕਰਜ਼ ਉਤਾਰਿਆ।
ਫ਼ਿਲਮ ਇੰਡਸਟਰੀ ਵੱਡੇ ਫਿਲਮਸਾਜ਼ਾਂ ਤੇ ਸਿਤਾਰਿਆਂ ਨਾਲ ਭਰੀ ਪਈ ਹੈ, ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਪੰਜਾਬੀ ਸਿਨਮਾ ਦੀ ਬਾਂਹ ਫੜਣ ਦਾ ਜ਼ੇਰਾ ਨਹੀਂ ਦਿਖਾਇਆ।
ਫ਼ਿਲਮ ‘ਕਣਕਾਂ ਦੇ ਓਹਲੇ’ ਜਦੋਂ ਆਈ ਤਾਂ ਇਸ ਦਾ ਸਵਾਗਤ ਹੋਇਆ। ਫਿਲਮ ਕਾਲੀ ਚਿੱਟੀ ਸੀ, ਪਰ ਫ਼ਿਲਮ ਨੂੰ ਹਿੱਟ ਕਰਨ ਲਈ ਇਸ ਵਿੱਚ ਧਰਮਿੰਦਰ ਤੇ ਆਸ਼ਾ ਪਾਰਿਖ ’ਤੇ ਫ਼ਿਲਮਾਏ ਇੱਕ ਗੀਤ ਨੂੰ ਰੰਗਦਾਰ ਕਰ ਦਿੱਤਾ ਸੀ। ਇਸ ਉਪਰੰਤ ਇੱਕ ਹੋਰ ਮੋੜ ਆਇਆ ਜਦੋਂ ਜਗਜੀਤ (ਮਰਹੂਮ) ਦੇ ਨਿਰਦੇਸ਼ਨ ਅਧੀਨ ਇੱਕ ਫ਼ਿਲਮ ‘ਪੁੱਤ ਜੱਟਾਂ ਦੇ’ ਦਾ ਨਿਰਮਾਣ ਹੋਇਆ। ਇਸ ਫ਼ਿਲਮ ਤੋਂ ਬਾਅਦ ਜੱਟਾਂ ਦੇ ਟਾਈਟਲ ਵਾਲੀਆਂ ਫ਼ਿਲਮਾਂ ਦਾ ਹੜ੍ਹ ਆ ਗਿਆ। ਫਿਰ ਵਰਿੰਦਰ ਮੈਦਾਨ ਵਿੱਚ ਆਇਆ ਤੇ ਉਸ ਨੇ ਬੇਸ਼ੱਕ ਆਪਣੀਆਂ ਬਹੁਤੀਆਂ ਫ਼ਿਲਮਾਂ ਨੂੰ ਟਾਈਟਲ ਤਾਂ ਜੱਟਾਂ ਵਾਲੇ ਨਹੀਂ ਦਿੱਤੇ, ਪਰ ਫ਼ਿਲਮਾਂ ਵਿੱਚ ਜੱਟਾਂ ਦੇ ਕਾਰਨਾਮਿਆਂ ਦੇ ਨਜ਼ਾਰੇ ਜ਼ਰੂਰ ਵੇਖਣ ਨੂੰ ਮਿਲੇ ਜਿਵੇਂ ‘ਲੰਬੜਦਾਰਨੀ’, ‘ਸਰਪੰਚ’, ‘ਵਟਵਾਰਾ’ ਆਦਿ। ਵਰਿੰਦਰ, ਮਿਹਰ ਮਿੱਤਲ, ਨਿਰਮਲ ਰਿਸ਼ੀ, ਯੋਗਰਾਜ ਸਿੰਘ, ਗੁੱਗੂ ਗਿੱਲ, ਸਰਦਾਰ ਸੋਹੀ, ਓਮ ਪੁਰੀ ਆਦਿ ਕਲਾਕਾਰਾਂ ਨੇ ਓਪਰੀ ਜਿਹੀ ਲੱਗਣ ਵਾਲੀ ਪੰਜਾਬੀ ਜ਼ੁਬਾਨ ਨੂੰ ਠੇਠਤਾ ਦਾ ਜਾਮਾ ਪਹਿਨਾਉਂਦਿਆਂ ਨਵੇਂ ਅਰਥ ਪ੍ਰਦਾਨ ਕੀਤੇ। ਵਰਿੰਦਰ ਵਰਗੇ ਫ਼ਿਲਮਸਾਜ਼ਾਂ ਨੇ ਅਖਾੜਾ ਕਲਚਰ ਨੂੰ ਵੀ ਪ੍ਰਮੁੱਖਤਾ ਦੇਣੀ ਆਰੰਭ ਕਰ ਦਿੱਤੀ, ਸਿੱਟੇ ਵਜੋਂ ਮੁਹੰਮਦ ਸਦੀਕ, ਕੁਲਦੀਪ ਮਾਣਕ, ਛਿੰਦਾ, ਨਰਿੰਦਰ ਬੀਬਾ, ਪੰਮੀ ਬਾਈ, ਰਣਜੀਤ ਕੌਰ ਆਦਿ ਨੇ ਵੀ ਫ਼ਿਲਮੀ ਸਕਰੀਨ ’ਤੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।
‘ਚੰਨ ਪਰਦੇਸੀ’, ‘ਲੌਂਗ ਦਾ ਲਿਸ਼ਕਾਰਾ’, ‘ਮੜ੍ਹੀ ਦਾ ਦੀਵਾ’ ਵਰਗੀਆਂ ਸਾਫ਼ ਸੁਥਰੀਆਂ ਫ਼ਿਲਮਾਂ ਦਰਸ਼ਕਾਂ ਵੱਲੋਂ ਪ੍ਰਵਾਨ ਕੀਤੀਆਂ ਗਈਆਂ। ਰੁਮਾਂਟਿਕ ਤੇ ਸਮਾਜਿਕ ਸਰੋਕਾਰਾਂ ਦੀਆਂ ਫ਼ਿਲਮਾਂ ਵੀ ਨਿਰੰਤਰ ਬਣਦੀਆਂ ਰਹੀਆਂ ਜਿਵੇ ਨਿਰਦੇਸ਼ਕ ਹਰੀ ਦੱਤ ਤੇ ਗਾਇਕ ਗੁਰਦਾਸ ਮਾਨ ਦੀ ‘ਮਾਮਲਾ ਗੜਬੜ ਹੈ’ ਆਈ ਅਤੇ ਬਾਅਦ ਵਿੱਚ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’, ‘ਵਾਰਿਸ਼ ਸ਼ਾਹ’ ਅਤੇ ਹਰਭਜਨ ਮਾਨ ਕ੍ਰਿਤ ‘ਜੀ ਆਇਆਂ ਨੂੰ’। ਮਰਹੂਮ ਜਸਪਾਲ ਭੱਟੀ ਨੂੰ ਵੀ ਅਸੀਂ ਭੁਲਾ ਨਹੀਂ ਸਕਦੇ। ਉਸਨੇ ਸ਼ਹਿਰੀ ਮੁਹਾਵਰੇ ਦੀ ਇੱਕ ਸਾਫ਼ ਸੁਥਰੀ ਕਾਮੇਡੀ ਫ਼ਿਲਮ ‘ਮਾਹੌਲ ਠੀਕ ਹੈ’ ਦਾ ਨਿਰਮਾਣ ਕਰਕੇ ਦਰਸ਼ਕਾਂ ਦੇ ਵੱਡੇ ਵਰਗ ਨੂੰ ਆਪਣੇ ਵੱਲ ਖਿੱਚਿਆ। ਹੁਣ ਤਾਂ ਪਿਛਲੇ ਕੁਝ ਵਰ੍ਹਿਆਂ ਤੋਂ ਆਮ ਜਿਹੀਆਂ ਫ਼ਿਲਮਾਂ ਦੇ ਨਾਲ ਨਾਲ ਕੁਝ ਇੱਕ ਖ਼ਾਸ ਕਿਸਮ ਦੀਆਂ ਫ਼ਿਲਮਾਂ ਦਾ ਨਿਰਮਾਣ ਵੀ ਪੰਜਾਬੀ ਸਿਨਮਾ ਲਈ ਸ਼ੁਭ ਸ਼ਗਨ ਹੀ ਮੰਨਿਆ ਜਾ ਸਕਦਾ ਹੈ, ਮਸਲਨ ‘ਅਸਾਂ ਨੂੰ ਮਾਣ ਵਤਨਾ ਦਾ’ , ‘ਧਰਤੀ’, ‘ਅੰਗਰੇਜ਼’, ‘ਬੰਬੂਕਾਟ’ ਆਦਿ। ਦੋ ਤਿੰਨ ਫ਼ਿਲਮਾਂ ਜਿਵੇਂ ‘ਕੈਰੀ ਔਨ ਜੱਟਾ’, ‘ਚੱਕ ਦੇ ਫੱਟੇ’, ‘ਜੱਟ ਐਂਡ ਜੂਲੀਅਟ’ ਨੂੰ ਇਨ੍ਹਾਂ ਦੀ ਕਾਮੇਡੀ ਤੇ ਅਦਾਕਾਰੀ ਕਰਕੇ ਜਾਣਿਆ ਗਿਆ, ਪਰ ਇਹ ਦੇਖਣ ਵਿੱਚ ਮਿਲਿਆ ਹੈ ਕਿ ਅੱਜ ਦੀਆਂ ਕੁਝ ਫ਼ਿਲਮਾਂ ਵਿੱਚ ਗਾਲਾਂ ਦਾ ਪ੍ਰਯੋਗ ਵਧੇਰੇ ਕੀਤਾ ਜਾਂਦਾ ਹੈ। ਇਸ ਨਾਲ ਪੰਜਾਬੀਆਂ ਦੇ ਅਕਸ ਨੂੰ ਢਾਹ ਲੱਗਦੀ ਹੈ। ਅੱਜ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਰਾਣਾ ਰਣਬੀਰ, ਕਰਮਜੀਤ ਅਨਮੋਲ, ਬੀਐੱਨ ਸ਼ਰਮਾ, ਐੱਮ ਵਿਰਕ, ਗੁਰਚੇਤ ਚਿੱਤਰਕਾਰ, ਗੁਰਪ੍ਰੀਤ ਘੁੱਗੀ ਆਦਿ ਨੂੰ ਦਰਸ਼ਕ ਹਾਸਰਸ ਕਲਾਕਾਰਾਂ ਵਜੋਂ ਪਸੰਦ ਕਰਦੇ ਹਨ।
‘ਚੌਧਰੀ ਕਰਨੈਲ ਸਿੰਘ’, ‘ਉਡੀਕਾਂ’, ‘ਚੰਨ ਪਰਦੇਸੀ’ ਆਦਿ ਫ਼ਿਲਮਾਂ ਵਿੱਚੋਂ ਲੰਘਦਿਆਂ ਐਂਵੇ ਨੀਂ ‘ਨਾਬਰ’, ‘ਅੰਨ੍ਹੇ ਘੋੜੇ ਦਾ ਦਾਨ’ ਜਿਹੀਆਂ ਫ਼ਿਲਮਾਂ ਜਾਂ ਗੁਰਵਿੰਦਰ ਵਰਗਿਆਂ ਨੇ ਯਥਾਰਥਕ ਪਹੁੰਚ ਦੇ ਕਲਾਤਮਕ ਸਿਨਮਾ ਕੋਲ ਅੱਪੜਣ ਦੇ ਯਤਨ ਕੀਤੇ,ਪਰ ਅਜੇ ਹੋਰ ਉੱਚਾਈਆਂ ਨੂੰ ਵੀ ਛੂੂਹਣਾ ਹੈ ਜਿਨ੍ਹਾਂ ਦਾ ਬੀਜ ਲਘੂ ਫ਼ਿਲਮਾਂ ਦੇ ਨਮੂਨੇ ਦੇ ਤੌਰ ’ਤੇ ਲਗਪਗ ਰੱਖਿਆ ਜਾ ਚੁੱਕਾ ਹੈ।ਉਦੋਂ ਹਾਲੇ ਸਾਡੇ ਕੋਲ ਕੋਈ ਖ਼ਾਸ ਪੇਂਡੂ ਨਿਰਮਾਤਾ ਤੇ ਨਿਰਦੇਸ਼ਕ ਨਹੀਂ ਸਨ ਜਿਸ ਕਰਕੇ ਪਿੰਡਾਂ ਤੇ ਸ਼ਹਿਰਾਂ ਦੀ ਬੋਲੀ ਵਿੱਚ ਵੀ ਕੋਈ ਖ਼ਾਸ ਵਖਰੇਵਾਂ ਵੇਖਣ ਨੂੰ ਨਹੀਂ ਮਿਲਦਾ। ਫ਼ਿਲਮਾਂ ਦੇ ਗੀਤਕਾਰ ਤੇ ਸੰਗੀਤਕਾਰ ਵੀ ਸ਼ਹਿਰੀ ਖੇਤਰਾਂ ਨਾਲ ਹੀ ਸਬੰਧਿਤ ਸਨ, ਜਿਸ ਕਰਕੇ ਇਨ੍ਹਾਂ ਦੀਆਂ ਕਹਾਣੀਆਂ, ਸੰਵਾਦ ਤੇ ਗੀਤ ਵੀ ਸ਼ਹਿਰੀ ਕਿਸਮ ਦੇ ਹੁੰਦੇ ਸਨ, ਪਰ ਹੁੰਦੇ ਬੇਮਿਸਾਲ ਸਨ ਜਿਨ੍ਹਾਂ ਦਾ ਅੱਜ ਵੀ ਕੋਈ ਸਾਨੀ ਨਹੀਂ।
ਪੰਜਾਬੀ ਫ਼ਿਲਮਾਂ ਦੇ ਪੁਰਾਣੇ ਇਤਿਹਾਸ ਵੱਲ ਪਰਤਦਿਆਂ ਉਦੋਂ ਦੀ ਲੋੜ ਮੁਤਾਬਿਕ ਤੇ ਉਸ ਵੇਲੇ ਦੀ ਤਕਨੀਕ ਅਨੁਸਾਰ ਵਧੀਆ ਨਿਰਮਾਣ ਕਾਰਜ ਹੋਏ। ਸਮੇਂ ਨੇ ਕਰਵਟ ਬਦਲੀ ਤੇ ਫ਼ਿਲਮ ਨਿਰਮਾਣ ਵਿੱਚ ਤਬਦੀਲੀਆਂ ਨਜ਼ਰ ਆਉਣ ਲੱਗੀਆਂ। ਬੇਸ਼ੱਕ ਪਹਿਲਿਆਂ ਦੀ ਨਿਸਬਤ ਫ਼ਿਲਮਾਂ ਦੇ ਨਿਰਮਾਣ ਵਿੱਚ ਵਾਧਾ ਹੋਇਆ ਹੈ, ਪਰ ਇਸ ਦੇ ਬਾਵਜੂਦ ਪੰਜਾਬੀ ਫ਼ਿਲਮਾਂ ਦੇ ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ਨੂੰ ਕੁਝ ਇੱਕ ਖ਼ਾਸ ਪਹਿਲੂਆਂ ਦੇ ਸਨਮੁੱਖ ਭੁਲਾਇਆਂ ਵੀ ਨਹੀਂ ਜਾ ਸਕਦਾ। ਖ਼ਾਸ ਕਰਕੇ 1970 ਤਕ ਜਿਹੜੀਆਂ ਫ਼ਿਲਮਾਂ ਸਾਡੇ ਸਾਹਮਣੇ ਆਈਆਂ; ਉਨ੍ਹਾਂ ਦੇ ਗੀਤ, ਸੰਗੀਤ ਨੂੰ ਤਾਂ ਕਦੇ ਚੇਤਿਆਂ ਵਿੱਚੋਂ ਮਿਟਾਉਣਾ ਸੰਭਵ ਹੀ ਨਹੀਂ ਜਾਪਦਾ।
ਸੰਪਰਕ: 98145-07693